ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ,
ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਹਾਣੀਆਂ ਦੀ ਢਾਣੀ ਵਿਚ ਲਾਡ਼ਾ ਸੱਜਦਾ,
ਬੱਘ ਬੱਘ ਬੱਘ ਬੱਲੇ ਸ਼ੇਰ ਗੱਜਦਾ।
ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ।
ਚੰਗੀ ਜੇਹੀ ਸੱਦ ਲਾ ਦੇ, ਬੱਲੇ ਬੇਲੀਆ,
ਤੂੰਬਾ ਜਰਾ ਖੋਲ੍ਹ ਖਾਂ, ਜੁਆਨਾ ਤੇਲੀਆ।
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ,
ਹਾਡ਼੍ਹ ਵਿੱਚ ਜੱਟਾਂ ਨੇ ਮਣਾਈਆਂ ਹੋਲੀਆਂ।
ਛਿੰਜ ਦੀ ਤਿਆਰੀ ਹੋਈ ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਾਰੀ ਹੁਣ ਆ ਗਈ ਜੇ ਖਾਣ ਪੀਣ ਦੀ,
ਰੇਉਡ਼ੀਆਂ ਜਲੇਬੀਆਂ ਦੇ ਆਹੂ ਲਾਹਣ ਦੀ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
No comments:
Post a Comment