ਬੀਜਿੰਗ, 20 ਅਪ੍ਰੈਲ (ਏਜੰਸੀ) : ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ ਆਏ 7.0 ਤੀਬਰਤਾ ਵਾਲੇ ਭੂਚਾਲ ‘ਚ 186 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹਜ਼ਾਰ ਤੋਂ ਵਧ ਵਿਅਕਤੀ ਜ਼ਖ਼ਮੀ ਹੋ ਗਏ। ਇਸ ਭੂਚਾਲ ਨਾਲ ਇਲਾਕੇ ਵਿੱਚ ਵੱਡੇ ਪੈਮਾਨੇ ‘ਤੇ ਨੁਕਸਾਨ ਹੋਇਆ ਹੈ। ਚਾਇਨਾ ਅਰਥ ਕੁਇਕ ਨੈਟ ਵਰਕਸ ਸੈਂਟਰ (ਸੀਈਐਨਸੀ) ਦੇ ਅਨੁਸਾਰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਯਾਨ ਸ਼ਹਿਰ ਦੀ ਲੁਸਾਨ ਕਾਊਂਟੀ ‘ਚ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 8.2 ਮਿੰਟ ‘ਤੇ ਇਹ ਭੂਚਾਲ ਆਇਆ। ਭੂਚਾਲ ਦਾ ਕੇਂਦਰ 30.3 ਡਿਗਰੀ ਉਤਰੀ ਅਕਸਾਂਸ ਅਤੇ 103.0 ਡਿਗਰੀ ਪੂਰਬੀ ਦੇਸਾਂਤਰ ‘ਚ 13 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ।
ਸਰਕਾਰੀ ਟੀਵੀ ਸੀਸੀਟੀਵੀ ਮੁਤਾਬਕ ਘੱਟੋ-ਘੱਟ 186 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹਜ਼ਾਰ ਤੋਂ ਵਧ ਵਿਅਕਤੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਪਿਛਲੇ 5 ਸਾਲਾਂ ਵਿੱਚ ਸਿਚੁਆਨ ਵਿੱਚ ਦੂਜੀ ਵਾਰ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਸਿਚੁਆਨ ਵਿੱਚ ਸਾਲ 2008 ਵਿੱਚ ਆਏ 8 ਤੀਬਰਤਾ ਦੇ ਭੂਚਾਲ ਵਿੱਚ 90 ਹਜ਼ਾਰ ਤੋਂ ਵਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਸੂਬਾ ਕਿੰਘਾਈ ਤਿੱਬਤ ਪਠਾਰ ‘ਤੇ ਸਥਿਤ ਹੈ ਜੋ ਕਿ ਭੂਚਾਲ ਸੰਭਾਵਿਤ ਖੇਤਰ ਹੈ। ਸੀਸੀਟੀਵੀ ‘ਤੇ ਵਿਖ਼ਾਏ ਗਏ ਦ੍ਰਿਸ਼ਾਂ ਅਨੁਸਾਰ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸਿਚੁਆਨ ਦੀ ਰਾਜਧਾਨੀ ਚੇਂਗਦੂ ਦੇ ਲੋਕਾਂ ਨੇ ਵੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਜੋ ਕਿ ਯਾਨ ਤੋਂ ਤਕਰੀਬਨ 140 ਕਿਲੋਮੀਟਰ ਦੂਰ ਹੈ।
ਚੇਂਗਦੂ ਹਵਾਈ ਅੱਡੇ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਕਾਮਿਆਂ ਨੂੰ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ ਹੈ। ਬਚਾਅ ਕਾਮਿਆਂ ਨੂੰ ਪ੍ਰਭਾਵਤ ਲੋਕਾਂ ਨੂੰ ਦੂਜੀ ਥਾਂ ਲਿਜਾਉਣ ਵਿੱਚ ਸਥਾਨਕ ਸਰਕਾਰ ‘ਚ ਮਦਦ ਕਰਨ ਲਈ ਵੀ ਕਿਹਾ ਗਿਆ ਹੈ। ਸਿਨਹੁਆ ਸਮਾਚਾਰ ਏਜੰਸੀ ਦੇ ਅਨੁਸਾਰ ਚੇਂਗਦੂ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਉਹ ਇੱਕ ਇਮਾਰਤ ਦੀ 13ਵੀਂ ਮੰਜ਼ਿਲ ‘ਤੇ ਸੀ, ਉਸ ਨੇ ਵੇਖਿਆ ਕਿ ਇਮਾਰਤ ਕਰੀਬ 20 ਸੈਕਿੰਗ ਤੱਕ ਹਿਲਦੀ ਰਹੀ ਅਤੇ ਨੇੜਲੀ ਇਮਾਰਤਾਂ ਦੀਆਂ ਟਾਇਲਾਂ ਉਖੜ ਕੇ ਡਿੱਗਣ ਲੱਗ ਪਈਆਂ। ਸਿਚੁਆਨ ਸੂਬੇ ਦੀ ਲੇਸਾਨ ਕਾਊਂਟੀ ਅਤੇ ਨੇੜੇ ਦੇ ਚੋਂਗਪੀਂਗ ਖੇਤਰ ਦੇ ਲੋਕਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਇਨ੍ਹਾਂ ਤੋਂ ਇਲਾਵਾ ਗੁਈਜੂ, ਗਾਂਨਸੁ, ਸ਼ਾਕਸੀ ਅਤੇ ਯੂਨਾਨ ਸੂਬਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫੌਜੀ ਸੂਤਰਾਂ ਨੇ ਦੱਸਿਆ ਕਿ ਭੂਚਾਲ ਪ੍ਰਭਾਵਤ ਖੇਤਰ ਵਿੱਚ ਰਾਹਤ ਅਤੇ ਬਚਾਅ ਦੇ ਕੰਮ ਲਈ 2000 ਤੋਂ ਵਧ ਫੌਜੀ ਭੇਜੇ ਗਏ ਹਨ। ਇਹ ਫੌਜੀ ਚੇਂਗੜੂ ਮਿਲਟਰੀ ਏਰੀਆ ਕਮਾਂਡ ਐਮਐਸਈ ਦੇ ਹਨ। ਭੂਚਾਲ ਤੋਂ ਬਾਅਦ ਖੇਤਰ ਵਿੱਚ 4.0 ਤੀਬਰਤਾ ਤੋਂ ਉਪਰ ਦੇ ਕਈ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ।
No comments:
Post a Comment